ਮੁੱਕਦੀ ਗੱਲ
ਰੂਪਿੰਦਰ ਸਿੰਘ
ਪ੍ਰਤੀਬੱਧ, ਵਿਚਾਰਸ਼ੀਲ, ਮੋਹ ਭਿੱਜਿਆ….ਜਦੋਂ ਇਹੋ ਜਿਹੇ ਵਿਸ਼ੇਸ਼ਣ ਕਿਸੇ ਨੌਜਵਾਨ ਨਾਲ ਜੁੜ ਜਾਣ ਤਾਂ ਉਸ ਦੇ ਪੈਰ ਜ਼ਮੀਨ ‘ਤੇ ਲੱਗਣੇ ਮੁਸ਼ਕਲ ਹੋ ਜਾਂਦੇ ਹਨ ਪਰ ਇਹ ਤੇ ਇਹੋ ਜਿਹੇ ਕਈ ਹੋਰ ਵਿਸ਼ੇਸ਼ਣ ਜਦੋਂ ਕਿਸੇ ਇਕੋ ਵਿਅਕਤੀ ਦੀ ਹਸਤੀ ਦੀ ਪਛਾਣ ਬਣ ਜਾਣ ਤਾਂ ਉਹ ਇਕ ਸ਼ਹੀਦ ਬਣ ਜਾਂਦਾ ਹੈ। ਉਸ ਸ਼ਖ਼ਸ ਦੀ ਦੇਣ ਹੀ ਇਹੋ ਜਿਹੀ ਹੈ ਕਿ ਉਨ੍ਹਾਂ ਦਾ ਨਾਂ ਸ਼ਹੀਦ ਅਗੇਤਰ ਤੋਂ ਬਿਨਾਂ ਸੱਖਣਾ ਜਾਪਦਾ ਹੈ। ਆਜ਼ਾਦੀ ਦਾ ਪਰਵਾਨਾ ਭਗਤ ਸਿੰਘ ਅਮਰ ਸ਼ਹੀਦ ਬਣ ਗਿਆ।
ਕੀ ਉਸ ਦੀ ਸ਼ਹਾਦਤ ਕਰਕੇ ਉਹ ਮਹਾਨ ਸੀ? ਨਹੀਂ, ਬਿਲਕੁਲ ਨਹੀਂ। ਹੋਰ ਵੀ ਬਹੁਤ ਕੁਝ ਸੀ ਜਿਸ ਕਰਕੇ 24ਵਾਂ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਫਾਂਸੀ ਦੇ ਰੱਸੇ ‘ਤੇ ਝੂਲ ਜਾਣ ਵਾਲੇ ਭਗਤ ਦੀ ਸ਼ਹਾਦਤ ਤੋਂ 80 ਸਾਲਾਂ ਬਾਅਦ ਉਹ ਨੌਜਵਾਨਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ ਤੇ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੇ ਨਾਂ ਦੀ ਮਾਲਾ ਫੇਰਨੀ ਪੈਂਦੀ ਹੈ।
ਭਗਤ ਸਿੰਘ ਨੂੰ ਸਮਝਣਾ ਔਖਾ ਕੰਮ ਹੈ। ਹਾਲਾਂਕਿ ਉਹ ਲੰਮਾ ਚਿਰ ਨਹੀਂ ਜੀਵੇ ਪਰ ਉਨ੍ਹਾਂ ਦੇ ਜੀਵਨ ਪੰਧ ‘ਤੇ ਝਾਤ ਪਾਉਂਦਿਆਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਹੰਗਾਮਾਈ ਘਟਨਾਵਾਂ ਹੀ ਸਨ ਜਿਨ੍ਹਾਂ ਭਗਤ ਸਿੰਘ ਦੇ ਮਨ-ਮਸਤਿਸ਼ਕ ਉਤੇ ਗਹਿਰਾ ਪ੍ਰਭਾਵ ਪਾਇਆ ਸੀ ਅਤੇ ਫੇਰ ਉਹ ਇਤਿਹਾਸ ‘ਤੇ ਭਰਵਾਂ ਪ੍ਰਭਾਵ ਛੱਡਣ ਦੇ ਸਮਰੱਥ ਬਣੇ ਸੀ।
ਭਗਤ ਸਿੰਘ ਦੇ ਬਚਪਨ ਦੇ ਦਿਨੀਂ ਪੰਜਾਬ ‘ਚ ਭੜਥੂ ਮੱਚਿਆ ਹੋਇਆ ਸੀ। 13 ਅਪਰੈਲ 1919 ਨੂੰ ਜਦੋਂ ਬ੍ਰਿਗੇਡੀਅਰ ਜਨਰਲ ਡਾਇਰ ਨੇ ਅੰਮ੍ਰਿਤਸਰ ‘ਚ ਜੱਲਿਆਂਵਾਲਾ ਬਾਗ ਵਿਚ ਨਿਹੱਥੇ ਲੋਕਾਂ ਦੀ ਭੀੜ ‘ਤੇ ਫਾਇਰਿੰਗ ਦਾ ਹੁਕਮ ਦਿੱਤਾ ਤਾਂ ਭਗਤ ਸਿੰਘ ਉਦੋਂ ਸਿਰਫ 12 ਸਾਲਾਂ ਦਾ ਸੀ। ਦਸਾਂ ਕੁ ਮਿੰਟਾਂ ਵਿਚ 1600 ਰੌਂਦ ਦਾਗੇ ਗਏ। ਸਰਕਾਰੀ ਅੰਕੜਿਆਂ ਮੁਤਾਬਕ 379 ਮੌਤਾਂ ਹੋਈਆਂ ਜਦਕਿ ਹੋਰਨਾਂ ਨੇ ਮੌਤਾਂ ਦੀ ਗਿਣਤੀ 1000 ਤੋਂ ਵੱਧ ਅਤੇ ਜ਼ਖ਼ਮੀਆਂ ਦੀ 2000 ਦੱਸੀ। ਇਹ ਭਾਰਤੀ ਇਤਿਹਾਸ ਦੀਆਂ ਸਭ ਤੋਂ ਵੱਧ ਹੌਲਨਾਕ ਘਟਨਾਵਾਂ ‘ਚੋਂ ਇਕ ਸੀ।
ਭਗਤ ਸਿੰਘ ਦੀ ਮੁਢਲੀ ਸਿੱਖਿਆ ਲਾਇਲਪੁਰ (ਹੁਣ ਪਾਕਿਸਤਾਨ ਵਿਚ) ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿਚ ਹੋਈ। ਬਾਅਦ ਵਿਚ ਉਹ ਡੀ.ਏ.ਵੀ. ਹਾਈ ਸਕੂਲ ਲਾਹੌਰ ਵਿਚ ਦਾਖਲ ਹੋ ਗਏ। ਅੰਗਰੇਜ਼ ਇਸ ਸਕੂਲ ਨੂੰ ‘ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ। ਭਗਤ ਸਿੰਘ ਭਾਵੇਂ ਪੜ੍ਹਾਕੂ ਤਾਂ ਨਹੀਂ ਸਨ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਸਨ। ਉਰਦੂ ‘ਚ ਉਨ੍ਹਾਂ ਨੂੰ ਮੁਹਾਰਤ ਸੀ ਤੇ ਉਹ ਇਸੇ ਭਾਸ਼ਾ ‘ਚ ਆਪਣੇ ਪਿਤਾ ਸ. ਅਰਜਨ ਸਿੰਘ ਨੂੰ ਖ਼ਤ ਲਿਖਦੇ ਹੁੰਦੇ ਸਨ।
20 ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਉਨ੍ਹਾਂ ‘ਤੇ ਗਹਿਰਾ ਅਸਰ ਛੱਡਿਆ। ਉਹ ਆਪਣੇ ਪਿੰਡ ‘ਚੋਂ ਲੰਘ ਕੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। ਨਾਭਾ ਰਿਆਸਤ ਦੇ ਰਾਜਾ ਰਿਪੁਦਮਨ ਸਿੰਘ ਦੇ ਹੱਕਾਂ ਦੀ ਬਹਾਲੀ ਲਈ ਲੜੇ ਗਏ ਜੈਤੋ ਦੇ ਮੋਰਚੇ (1923) ਵੇਲੇ ਉਹ 16 ਸਾਲ ਦੇ ਸਨ। ਬਦਅਮਨੀ ਦੇ ਇਸ ਆਲਮ ਅਤੇ ਹੱਕੀ ਅੰਦੋਲਨਾਂ ਨੂੰ ਕੁਚਲਣ ਲਈ ਅੰਗਰੇਜ਼ ਹਕੂਮਤ ਦੀਆਂ ਸਖ਼ਤੀਆਂ ਨੇ ਭਗਤ ਸਿੰਘ ਦੀ ਮਨੋਦਸ਼ਾ ਘੜੀ। ਨੌਜਵਾਨਾਂ ਨੂੰ ਆਮ ਹੀ ਦਿਸ਼ਾਹੀਣ ਕਹਿ ਦਿੱਤਾ ਜਾਂਦਾ ਹੈ ਪਰ ਕਦੇ-ਕਦਾਈਂ ਕੁਝ ਨੌਜਵਾਨ ਅਜਿਹੇ ਹੁੰਦੇ ਹਨ ਜੋ ਆਪਣੇ ਭਵਿੱਖ ਦੀ ਭੂਮਿਕਾ ਨੂੰ ਇੰਨੀ ਸਫਾਈ ਨਾਲ ਵੇਖ ਲੈਂਦੇ ਹਨ ਤੇ ਉਸ ਲਈ ਲੱਕ ਬੰਨ੍ਹ ਕੇ ਕੰਮ ਕਰਦੇ ਹਨ।
ਸੋਲਾਂ ਸਾਲ ਦੀ ਉਮਰੇ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਦੇਸ਼ ਦੀ ਆਜ਼ਾਦੀ ਦੇ ਲੇਖੇ ਲਾਉਣ ਦਾ ਸਚੇਤ ਫੈਸਲਾ ਕੀਤਾ। ਉਨ੍ਹਾਂ ਬੀ.ਜੀ. ਗੋਖਲੇ ਤੇ ਉਨ੍ਹਾਂ ਦੇ ਸਾਥੀਆਂ ਦੀ ਸੰਵਿਧਾਨਕ ਪਹੁੰਚ ਨਾ ਅਪਣਾਈ। ਮਹਾਤਮਾ ਗਾਂਧੀ ਦੀ ਨਾ-ਮਿਲਵਰਤਣ ਲਹਿਰ ਵੀ ਉਨ੍ਹਾਂ ਨੂੰ ਲੰਮਾ ਸਮਾਂ ਬੰਨ੍ਹ ਕੇ ਨਾ ਰੱਖ ਸਕੀ। ਉਨ੍ਹਾਂ ਇਨਕਲਾਬੀ ਰਾਹ ਚੁਣਿਆ। ਬਰਤਾਨਵੀ ਰਾਜ ਦੀ ਸ਼ਕਤੀ ਨਾਲ ਟੱਕਰ ਲੈਣ ਲਈ ਉਨ੍ਹਾਂ ਹਿੰਸਾ ਦਾ ਰਾਹ ਚੁਣਨ ਤੋਂ ਵੀ ਗੁਰੇਜ਼ ਨਹੀਂ ਕੀਤਾ।
ਭਗਤ ਸਿੰਘ ਨੇ 1923 ਵਿਚ ਲਾਹੌਰ ਦੇ ਨੈਸ਼ਨਲ ਕਾਲਜ ਵਿਚ ਦਾਖਲਾ ਲਿਆ। ਕਾਲਜ ਦੇ ਮਾਹੌਲ ਵਿਚ ਉਹ ਘੁਲਮਿਲ ਗਿਆ। ਉਹ ਕਾਲਜ ਦੀ ਡਰਾਮਾ ਕਮੇਟੀ ਦਾ ਸਰਗਰਮ ਮੈਂਬਰ ਬਣ ਗਿਆ। ਉਸ ਵੇਲੇ ਤਕ ਇਹ ਨੌਜਵਾਨ ਉਰਦੂ, ਹਿੰਦੀ, ਗੁਰਮੁਖੀ, ਅੰਗਰੇਜ਼ੀ ਤੇ ਸੰਸਕ੍ਰਿਤ ਭਾਸ਼ਾਵਾਂ ‘ਤੇ ਖਾਸੀ ਪਕੜ ਬਣਾ ਚੁੱਕਿਆ ਸੀ। ਭਗਤ ਸਿੰਘ ਦੀ ਇਕ ਫੋਟੋ ਜਿਸ ਵਿਚ ਉਸ ਨੇ ਪੱਗ ਬੰਨੀ ਹੋਈ ਹੈ ਤੇ ਉਹ ਮੁੱਛ-ਫੁੱਟ ਗੱਭਰੂ ਦਿਖ ਰਿਹਾ ਹੈ, ਉਹ ਉਸੇ ਡਰਾਮਾ ਕਲੱਬ ਦੀ ਯਾਦਗਾਰ ਹੈ।
ਆਪਣੇ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਵਿਚ ਉਹ ਕਾਲਜ ਦੇ ਦਿਨਾਂ ਬਾਰੇ ਲਿਖਦਾ ਹੈ, ”ਮੈਂ ਕਾਲਜ ਵਿਚ ਆਪਣੇ ਕੁਝ ਅਧਿਆਪਕਾਂ ਦਾ ਚਹੇਤਾ ਸੀ ਤੇ ਕੁਝ ਮੈਨੂੰ ਨਾਪਸੰਦ ਕਰਦੇ ਸਨ। ਮੈਂ ਬਹੁਤਾ ਪੜਾਕੂ ਨਹੀਂ ਸੀ। ਮੈਂ ਇਕ ਸ਼ਰਮਾਕਲ ਲੜਕਾ ਸੀ ਤੇ ਆਪਣੇ ਭਵਿੱਖ ਬਾਰੇ ਬਹੁਤਾ ਆਸ਼ਾਵਾਦੀ ਨਹੀਂ ਸੀ।”
1923 ਵਿਚ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਲੇਖ ਮੁਕਾਬਲੇ ਵਿਚੋਂ ਭਗਤ ਸਿੰਘ ਨੂੰ ਪਹਿਲਾ ਇਨਾਮ ਮਿਲਿਆ। ਲੇਖ ਪੰਜਾਬ ਦੀ ਭਾਸ਼ਾ ਤੇ ਲਿਪੀ ਵਿਚ ਉਸ ਨੇ ਪੰਜਾਬ ਦੀ ਸਮੱਸਿਆ ਦਾ ਬਾਖੂਬੀ ਵਰਨਣ ਕੀਤਾ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਮੈਂਬਰ ਬਣ ਗਿਆ ਤੇ ਇਕ ਸਾਲ ਬਾਅਦ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਉਣ ਕਾਰਨ ਉਸ ਨੇ ਲਾਹੌਰ ਵਿਚਲਾ ਘਰ ਛੱਡ ਦਿੱਤਾ ਤੇ ਕਾਨਪੁਰ ਡੇਰੇ ਲਗਾ ਲਏ। ਉਹ ਦੇਸ਼ ਭਗਤੀ ਦੇ ਕਾਰਜ ਵਿਚ ਜੁਟ ਗਿਆ। 1927 ਵਿਚ ਕਾਕੋਰੀ ਰੇਲ ਗੱਡੀ ਡਾਕੇ ਦੇ ਮਾਮਲੇ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਉਪਰ ਲਾਹੌਰ ਦੇ ਦੁਸਹਿਰਾ ਮੇਲੇ ਦੌਰਾਨ ਬੰਬ ਧਮਾਕਾ ਕਰਨ ਦਾ ਵੀ ਦੋਸ਼ ਮੜ੍ਹਿਆ ਗਿਆ। ਚੰਗੇ ਵਿਵਹਾਰ ਤੇ ਜ਼ਮਾਨਤ ਦੀ ਭਾਰੀ ਰਕਮ 60 ਹਜ਼ਾਰ ਰੁਪਏ ਉਪਰ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਸਤੰਬਰ 1928 ਵਿਚ ਇਸ ਯੋਧੇ ਨੇ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਿਆ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ ਤੇ ਇਕ ਪੁਲੀਸ ਅਧਿਕਾਰੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਪੁਲੀਸ ਨੂੰ ਦਿੱਤੀਆਂ ਜਾ ਰਹੀਆਂ ਅਥਾਹ ਸ਼ਕਤੀਆਂ ਦੇ ਵਿਰੋਧ ਵਿਚ ਭਗਤ ਸਿੰਘ ਤੇ ਇਕ ਹੋਰ ਕ੍ਰਾਂਤੀਕਾਰੀ ਬਟੁਕੇਸ਼ਵਰ ਦੱਤ ਨੇ ਅਸੈਂਬਲੀ ਵਿਚ ਬੰਬ ਸੁੱਟਿਆ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਭੋਰਾ ਵੀ ਜ਼ੋਰ ਨਹੀਂ ਲਗਾਇਆ ਪਰ ਦੇਸ਼ ਦੀ ਆਜ਼ਾਦੀ ਲਈ ਆਖਰੀ ਸਾਹ ਤਕ ਲੜਨ ਦਾ ਐਲਾਨ ਕੀਤਾ। ਭਗਤ ਸਿੰਘ ਦੀ ਸ਼ਹਾਦਤ ਨਾਲ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਹੋਰ ਹੁਲਾਰਾ ਮਿਲਿਆ। ਉਸ ਵੱਲੋਂ ਦਿੱਤੇ ਨਾਅਰੇ ਇਨਕਲਾਬ ਜ਼ਿੰਦਾਬਾਦ ਨੂੰ ਅੱਜ ਅਸੀਂ ਇੰਜ ਮਾਰਦੇ ਹਾਂ ”ਭਗਤ ਸਿੰਘ ਜ਼ਿੰਦਾਬਾਦ।” ਸ਼ਹੀਦ ਭਗਤ ਸਿੰਘ ਦਾ ਕੱਦ-ਬੁੱਤ ਇੰਨਾ ਜ਼ਿਆਦਾ ਉੱਚਾ ਹੋ ਗਿਆ ਕਿ ਹਰ ਕੋਈ ਉਸ ਨਾਲ ਨਾਤਾ ਜੋੜਨਾ ਚਾਹੁੰਦਾ ਹੈ। ਇਸ ਤੋਂ ਬਾਅਦ ਵੱਖ-ਵੱਖ ਸਿਆਸੀ ਜਥੇਬੰਦੀਆਂ ਨੇ ਉਸ ਨੂੰ ਅਪਣਾਇਆ। ਪੰਜਾਬ ਵਿਚ ਤਾਂ ਉਸ ਨੂੰ ਬਹੁਤ ਮਾਣ-ਤਾਣ ਮਿਲਿਆ। ਸਾਨੂੰ ਭਗਤ ਸਿੰਘ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਸ ਨੇ ਆਪਣੀਆਂ ਲਿਖਤਾਂ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਨ੍ਹਾਂ ਲਿਖਤਾਂ ਤੋਂ ਅਜਿਹੇ ਸ਼ਖਸ ਦਾ ਅਕਸ ਉਭਰਦਾ ਹੈ ਜੋ ਬੜਾ ਵਿਦਵਾਨ ਸੀ ਅਤੇ ਉਸ ਕੋਲ ਦੂਰਦ੍ਰਿਸ਼ਟੀ ਸੀ। ਉਹ ਵਾਹਵਾ ਪੜ੍ਹਦਾ ਸੀ ਅਤੇ ਉਸ ਦੀਆਂ ਜੇਲ੍ਹ ਵਿਚੋਂ ਲਿਖੀਆਂ ਚਿੱਠੀਆਂ ਵਿਚ ਆਪਣੇ ਮਿੱਤਰਾਂ ਨੂੰ ਇਹੀ ਸੁਨੇਹੇ ਹੁੰਦੇ ਸਨ ਕਿ ਉਸ ਨੂੰ ਪੜ੍ਹਨ ਲਈ ਹੋਰ ਕਿਤਾਬਾਂ ਭੇਜੀਆਂ ਜਾਣ। 23 ਮਾਰਚ, 1931 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਵਿਚ ਫਾਂਸੀ ਦੇ ਦਿੱਤੀ ਗਈ ਭਗਤ ਸਿੰਘ ਰਾਸ਼ਟਰਵਾਦੀ ਸੀ ਅਤੇ ਨਾਇਕ ਸੀ ਜਿਸ ਨੇ ਨਵੀਂ ਪੀੜ੍ਹੀ ਨੂੰ ਬੇਹੱਦ ਪ੍ਰਭਾਵਿਤ ਕੀਤਾ। ਸਿਆਸੀ ਪਾਰਟੀਆਂ ਭਾਵੇਂ ਉਸ ਨਾਲ ਆਪਣਾ ਨਾਂ ਜੋੜ ਕੇ ਸਿਆਸੀ ਲਾਹਾ ਲੈਣ ਦਾ ਯਤਨ ਕਰਦੀਆਂ ਹਨ ਪਰ ਭਗਤ ਸਿੰਘ ਦਾ ਸਦਾ ਉਹ ਅਕਸ ਹੀ ਉਭਰਦਾ ਹੈ ਜੋ ਆਪਣੇ ਖਿਆਲਾਂ ਨਾਲ ਪੂਰੀ ਤਰ੍ਹਾਂ ਵਚਨਬੱਧ ਹੈ।
This article was published in Punjabi Tribune on March 23, 2011.