ਭਾਰਤ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਕਾਲਮ ਨਵੀਸ ਦਾ ਦੇਹਾਂਤ ਹੋ ਗਿਆ ਹੈ। ਖੁਸ਼ਵੰਤ ਸਿੰਘ ਦੇ ਕਾਲਮ ਟ੍ਰਿਬਿਊਨ ਸਮੇਤ ਕਈ ਅਖ਼ਬਾਰਾਂ ਵਿੱਚ ਛਪਦੇ ਸਨ। ਇਨ੍ਹਾਂ ਦਾ ਕਈ ਭਾਸ਼ਾਵਾਂ ਵਿੱਚ ਤਰਜਮਾ ਹੁੰਦਾ ਸੀ ਅਤੇ ਇਨ੍ਹਾਂ ਰਾਹੀਂ ਹੀ ਭਾਰਤੀ ਲੋਕ ਨਵੀਂ ਦਿੱਲੀ ਦੇ ਸੁਜਾਨ ਸਿੰਘ ਪਾਰਕ ਵਿਖੇ ਲੰਮਾ ਸਮਾਂ ਰਹਿਣ ਵਾਲੇ ਇਸ ਵਿਅਕਤੀ ਦੀਆਂ ਅੱਖਾਂ ਰਾਹੀਂ ਦੁਨੀਆਂ ਨੂੰ ਵੇਖਦੇ ਸਨ।
ਸੁਜਾਨ ਸਿੰਘ ਪਾਰਕ ਦਾ ਨਾਂ ਉਨ੍ਹਾਂ ਦੇ ਦਾਦਾ ਜੀ ਦੇ ਨਾਂ ’ਤੇ ਰੱਖਿਆ ਗਿਆ ਸੀ। ਭਾਰਤੀ ਸਾਹਿਤ ਦਾ ਬਾਬਾ ਬੋਹੜ ਕੁਝ ਮਹੀਨਿਆਂ ਮਗਰੋਂ ਆਪਣਾ 100ਵਾਂ ਜਨਮ ਦਿਨ ਮਨਾਉਣ ਤੋਂ ਪਹਿਲਾਂ ਹੀ ਵੀਰਵਾਰ ਨੂੰ ਸਵੇਰੇ ਸੁਵੱਖਤੇ ਅਕਾਲ ਚਲਾਣਾ ਕਰ ਗਿਆ। ਖੁਸ਼ਵੰਤ ਸਿੰਘ ਅਸਾਧਾਰਨ ਪ੍ਰਾਪਤੀਆਂ ਕਰਨ ਵਾਲਾ ਵਿਦਵਾਨ ਸੀ। ਉਸ ਨੇ ਦੋ ਜਿਲਦਾਂ ਵਿੱਚ ਛਪੀ ਆਪਣੀ ਕਿਤਾਬ ‘ਦਿ ਹਿਸਟਰੀ ਆਫ਼ ਦਿ ਸਿੱਖਸ’ ਨਾਲ ਛੋਟੀ ਉਮਰ ਵਿੱਚ ਹੀ ਨਾਂ ਕਮਾ ਲਿਆ ਸੀ। ਉਸ ਦੀ ‘ਪਾਕਿਸਤਾਨ ਮੇਲ’ (ਟਰੇਨ ਟੂ ਪਾਕਿਸਤਾਨ) ਸਾਹਿਤਕ ਹਲਕਿਆਂ ਵਿੱਚ ਬਹੁਤ ਪ੍ਰਸਿੱਧ ਹੋਈ। ਇਸ ਸਮਰੱਥ ਲੇਖਕ ਨੇ ਹਾਲ ਹੀ ਵਿੱਚ ‘ਐਗਨੌਸਟਿਕ ਖੁਸ਼ਵੰਤ ਸਿੰਘ’, ‘ਦੇਅਰ ਇਜ਼ ਨੋ ਗੌਡ’ ਅਤੇ ‘ਦਿ ਫਰੀ ਥਿੰਕਰਜ਼ ਪਰੇਅਰ ਬੁੱਕ’ ਨਾਮੀਂ ਪੁਸਤਕਾਂ ਲਿਖੀਆਂ। ਖੁਸ਼ਵੰਤ ਸਿੰਘ ਉਹ ਵਿਅਕਤੀ ਸੀ ਜਿਸ ਨੇ ‘ਨਾ ਕਾਹੂੰ ਸੇ ਦੋਸਤੀ…’ ਜਿਹੇ ਆਪਣੇ ਹਫ਼ਤਾਵਾਰੀ ਕਾਲਮਾਂ ਰਾਹੀਂ ਲੋਕਾਂ ਅਤੇ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਬਾਰੇ ਲੋੜ ਤੋਂ ਜ਼ਿਆਦਾ ਈਮਾਨਦਾਰੀ ਨਾਲ ਕੀਤੀਆਂ ਟਿੱਪਣੀਆਂ ਰਾਹੀਂ ਅਖ਼ਬਾਰਾਂ ਦੇ ਲੱਖਾਂ ਪਾਠਕਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਰੰਗ ਵਿਖਾਏ। ਇੱਕ ਹੋਰ ਗੱਲ ਉਸ ਦੁਆਲੇ ਖ਼ੂਬਸੂਰਤ ਔਰਤਾਂ ਦਾ ਜਮਘਟਾ ਲੱਗਿਆ ਰਹਿੰਦਾ ਸੀ ਅਤੇ ਉਹ ਉਨ੍ਹਾਂ ਦੀ ਸੰਗਤ ਦਾ ਆਨੰਦ ਮਾਣਦਾ ਸੀ ਖ਼ਾਸ ਕਰ ਉਦੋਂ, ਜਦੋਂ ਔਰਤਾਂ ਉਸ ਨਾਲ ਪਿਆਲਾ ਸਾਂਝਾ ਕਰਦੀਆਂ ਸਨ।
ਉਸ ਬਾਰੇ ਕੁਝ ਵੀ ਕਹੀਏ ਥੋੜ੍ਹਾ ਹੈ। ਆਪਣੀਆਂ ਲਿਖਤਾਂ ਪ੍ਰਤੀ ਉਹ ਬਹੁਤ ਜ਼ਿਆਦਾ ਅਨੁਸ਼ਾਸਿਤ ਅਤੇ ਸਮੇਂ ਦਾ ਪਾਬੰਦ ਸੀ। ਇਸ ਦੇ ਬਾਵਜੂਦ ਉਹ ਆਪਣੀ ਦਿੱਖ ਪ੍ਰਤੀ ਲਾਪਰਵਾਹ ਸੀ। ਇੱਕ ਵਾਰ ਉਸ ਦੀ ਮਾਂ ਨੇ ਉਸ ਨੂੰ ਝਿੜਕਦਿਆਂ ਕਿਹਾ ਸੀ,‘‘ਹੁਣ ਤੂੰ ਪ੍ਰਸਿੱਧ ਹੋ ਗਿਆ ਹੈਂ ਤੇ ਤੂੰ ਸੋਚਦੈਂ ਕਿ ਤੂੰ ਬਿਨਾਂ ਪੱਗ ਬੰਨ੍ਹੇ ਸਿਰਫ਼ ਪਟਕੇ ਵਿੱਚ ਬਾਹਰ ਜਾ ਸਕਦੈਂ।’’
ਉਹ ਦੇਸ਼-ਵਿਦੇਸ਼ ਦੇ ਬਿਹਤਰੀਨ ਕਾਲਜਾਂ ਸੇਂਟ ਸਟੀਫਨਜ਼ ਕਾਲਜ ਦਿੱਲੀ, ਗੌਰਮਿੰਟ ਕਾਲਜ ਲਾਹੌਰ ਅਤੇ ਕਿੰਗਜ਼ ਕਾਲਜ ਲੰਡਨ ਵਿੱਚ ਪੜ੍ਹਿਆ, ਜਿੱਥੋਂ ਉਸ ਨੇ ਇੰਟਰਮੀਡੀਏਟ, ਕਾਨੂੰਨ ਅਤੇ ਐਲ.ਐਲ.ਬੀ. ਦੀਆਂ ਡਿਗਰੀਆਂ ਹਾਸਲ ਕੀਤੀਆਂ। ਖੁਸ਼ਵੰਤ ਦੇ ਪਿਤਾ ਉਸ ਨੂੰ ਵਕੀਲ ਬਣਾਉਣਾ ਚਾਹੁੰਦੇ ਸਨ। ਉਸ ਨੇ ਕੋਸ਼ਿਸ਼ ਵੀ ਕੀਤੀ ਪਰ ਉਸ ਨੇ ਲਾਹੌਰ ਵਿਖੇ ਵਕਾਲਤ ਨਾਲੋਂ ਜ਼ਿਆਦਾ ਸਮਾਂ ਲੇਖਕਾਂ ਅਤੇ ਕਲਾਕਾਰਾਂ ਦੀ ਸੰਗਤ ਵਿੱਚ ਬਿਤਾਇਆ।
ਦੇਸ਼ ਦੀ ਵੰਡ ਮਗਰੋਂ ਉਹ ਦਿੱਲੀ ਆ ਗਿਆ। ਇਸ ਸਦਕਾ ‘ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ’ ਅਖਾਣ ਮੁਤਾਬਕ ਉਹ ਵਕਾਲਤ ਤੋਂ ਵੀ ਦੂਰ ਹੋ ਗਿਆ। ‘ਮਾਣੋ ਮਾਜਰਾ’ ਨਾਂ ਦੀ ਨਿੱਕੀ ਕਹਾਣੀ ਲਈ ਉਸ ਨੂੰ ਗਰੋਵ ਪ੍ਰੈੱਸ ਵੱਲੋਂ ਇੱਕ ਹਜ਼ਾਰ ਡਾਲਰ ਇਨਾਮ ਵਜੋਂ ਮਿਲੇ। ਪਿੱਛੋਂ ਇਹ ਕਹਾਣੀ ਇੱਕ ਨਾਵਲ ‘ਪਾਕਿਸਤਾਨ ਮੇਲ’ (ਟਰੇਨ ਟੂ ਪਾਕਿਸਤਾਨ) ਵਜੋਂ ਪ੍ਰਸਿੱਧ ਹੋਈ ਜਿਸ ਨੇ ਉਸ ਨੂੰ ਇੱਕ ਲੇਖਕ ਵਜੋਂ ਸਥਾਪਤ ਕੀਤਾ।
ਖੁਸ਼ਵੰਤ ਸਿੰਘ ਨਾਲ ਸਿਰਫ਼ ਇੱਕ ਮੁਲਾਕਾਤ ਦੌਰਾਨ ਹੀ ਇਹ ਮਹਿਸੂਸ ਹੋਇਆ ਕਿ ਉਸ ਦੇ ਕਾਲਮਾਂ ਨੂੰ ਪੜ੍ਹ ਕੇ ਬਣਿਆ ਉਸ ਦਾ ਪ੍ਰਭਾਵ ਬਿਲਕੁਲ ਗ਼ਲਤ ਸੀ। ਇੱਕ ਪੱਤਰਕਾਰ ਰਾਜ ਗਿੱਲ ਦੇ ਘਰ ਉਸ ਨੇ ਅਮਰੀਕੀ ਸਿੱਖਿਆ ਪ੍ਰਣਾਲੀ ਬਾਰੇ ਗੱਲਬਾਤ ਸ਼ੁਰੂ ਕਰ ਦਿੱਤੀ। ਇਸ ਮਗਰੋਂ ਪਤਾ ਲੱਗਿਆ ਕਿ ਉਹ ਰੋਸ਼ੈਸਟਰ, ਪ੍ਰਿੰਸਟਨ ਅਤੇ ਹਵਾਈ ਯੂਨੀਵਰਸਿਟੀਆਂ ਵਿੱਚ ਵੀ ਪੜ੍ਹਾਉਂਦਾ ਰਿਹਾ ਹੈ। ਖੁਸ਼ਵੰਤ ਸਿੰਘ ਆਪਣੇ ਕਾਲਮਾਂ ਵਿੱਚੋਂ ਝਲਕਦੇ ਗਿਆਨ ਨਾਲੋਂ ਕਿਤੇ ਡੰਘੀ ਸੋਚ ਰੱਖਦਾ ਸੀ।
ਉਹ ਆਪਣੀ ਵਿਦਵਤਾ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਸੀ ਪਰ ਹਾਜ਼ਰ-ਜੁਆਬੀ ਅਤੇ ਵਿਅੰਗ ਨਾਲ ਵੱਡੇ-ਵੱਡਿਆਂ ਨੂੰ ਚੁੱਪ ਕਰਾ ਦਿੰਦਾ ਸੀ। ਉਹ ਹਰ ਵੇਲੇ ਕੁਝ ਨਾ ਕੁਝ ਲਿਖਦਾ ਰਹਿੰਦਾ ਸੀ ਅਤੇ ਗਰਮੀਆਂ ਵਿੱਚ ਉਸ ਦਾ ਟਿਕਾਣਾ ਕਸੌਲੀ ਹੁੰਦਾ ਸੀ। ਇੱਕ ਵਾਰ ਅਧਿਆਤਮਕ ਟੂਕਾਂ ਉੱਤੇ ਵਿਚਾਰ-ਵਟਾਂਦਰੇ ਮਗਰੋਂ ਉਸ ਨੇ ਗੱਲਬਾਤ ਦਾ ਰੁਖ਼ ਇਕਦਮ ਹਸਾ-ਹਸਾ ਢਿੱਡੀ ਪੀੜਾਂ ਪਾਉਣ ਵਾਲੇ ਲਤੀਫ਼ਿਆਂ ਵੱਲ ਮੋੜ ਦਿੱਤਾ। ਉਹ ਅਜਿਹਾ ਹੀ ਸੀ। ਉਸ ਦੀ ਆਲੋਚਨਾ ਵੀ ਘੱਟ ਨਹੀਂ ਹੋਈ।
ਉਹ ਆਪਣੀ ਪਤਨੀ ਕੰਵਲ ਅਤੇ ਬੱਚਿਆਂ ਰਾਹੁਲ ਤੇ ਮਾਲਾ ਪ੍ਰਤੀ ਪੂਰਾ ਸਮਰਪਿਤ ਪਰਿਵਾਰਕ ਵਿਅਕਤੀ ਸੀ। ਉਸ ਦੀ ਪਤਨੀ ਕੰਵਲ ਭੁੱਲਣ ਦੀ ਇੱਕ ਬੀਮਾਰੀ ਤੋਂ ਲੰਮਾ ਸਮਾਂ ਪੀੜਤ ਰਹਿਣ ਮਗਰੋਂ ਸਾਲ 2002 ਵਿੱਚ ਉਸ ਨੂੰ ਵਿਛੋੜਾ ਦੇ ਗਈ। ਖੁਸ਼ਵੰਤ ਦੀ ਜ਼ਿੰਦਗੀ ਦੇ ਆਖਰੀ ਸਾਲਾਂ ਦੌਰਾਨ ਰਾਹੁਲ ਅਤੇ ਮਾਲਾ ਨੇ ਹੀ ਉਸ ਦੀ ਦੇਖਭਾਲ ਕੀਤੀ।
ਪੰਜਾਬ ਯੂਨੀਵਰਸਿਟੀ ਅਤੇ ਕਿੰਗਜ਼ ਕਾਲਜ ਸਮੇਤ ਕਈ ਯੂਨੀਵਰਸਿਟੀਆਂ ਨੇ ਉਸ ਨੂੰ ਸਨਮਾਨਿਤ ਕੀਤਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਖੁੱਲ੍ਹ ਕੇ ਆਲੋਚਨਾ ਕਰਨ ਵਾਲੇ ਖੁਸ਼ਵੰਤ ਸਿੰਘ ਨੇ ਪਦਮ ਭੂਸ਼ਣ ਪੁਰਸਕਾਰ ਵਾਪਸ ਕਰਕੇ ਸਾਕਾ ਨੀਲਾ ਤਾਰਾ ਕਾਰਵਾਈ ਖ਼ਿਲਾਫ਼ ਆਪਣਾ ਰੋਸ ਪ੍ਰਗਟਾਇਆ। ਭਾਵੇਂ ਸਾਲ 2007 ਵਿੱਚ ਉਸ ਨੇ ਸਰਕਾਰ ਵੱਲੋਂ ਪਦਮ ਵਿਭੂਸ਼ਣ ਸਨਮਾਨ ਸਵੀਕਾਰ ਕਰ ਲਿਆ ਸੀ। ਜੀਵਨ ਦੇ ਅੰਤਲੇ ਸਮੇਂ ਦੌਰਾਨ ਭਾਵੇਂ ਉਹ ਘਰ ਤਕ ਹੀ ਸੀਮਤ ਰਹਿ ਗਿਆ ਸੀ ਅਤੇ ਲੋਕਾਂ ਨੂੰ ਘੱਟ ਹੀ ਮਿਲਦਾ ਸੀ ਪਰ ਉਹ ਲਿਖਦਾ ਲਗਾਤਾਰ ਰਿਹਾ। ਇਹ ਕਹਿਣਾ ਬਿਲਕੁਲ ਦਰੁਸਤ ਹੈ ਕਿ ਉਸ ਦੀ ਕਲਮ ਆਖਰੀ ਸਾਹ ਤਕ ਚਲਦੀ ਰਹੀ। ਹੁਣ ਉਸ ਦੀ ਕਲਮ ਤਾਂ ਨਹੀਂ ਚੱਲੇਗੀ ਪਰ ਉਸ ਦੀਆਂ ਰਚਨਾਵਾਂ ਬੋਲਦੀਆਂ ਰਹਿਣਗੀਆਂ…।
– ਰੂਪਿੰਦਰ ਸਿੰਘ
This tribute was published in Punjabi Tribune on March 21, 2013